(ਗਿਆਨੀ ਦੀਦਾਰ ਸਿੰਘ ਜੀ, ਰੋਪੜ)
ਕਈ ਹੋਰ ਮੌਸਮੀ ਤਿਉਹਾਰਾਂ ਦੀ ਤਰ੍ਹਾਂ ਹੋਲੀ ਵੀ ਇਕ ਮੌਸਮੀ ਤਿਉਹਾਰ ਹੈ, ਪਰ ਬਾਅਦ ਵਿਚ ਇਸ ਨਾਲ ਪ੍ਰਹਿਲਾਦ ਭਗਤ ਦੀ ਭੂਆ ‘ਢੁੰਡਾਂ’ ਦੀ ਕਹਾਣੀ ਵੀ ਜੋੜੀ ਗਈ।
ਕਹਾਣੀ ਇਸ ਤਰ੍ਹਾਂ ਹੈ-
ਹਰਨਾਕਸ਼ ਨੇ ਤਪ ਕਰ ਕੇ ਇਹ ਵਰ ਲਿਆ ਸੀ ਕਿ ਮੈਂ ਨਾ ਅੰਦਰ ਮਰਾਂ ਨਾ ਬਾਹਰ, ਨਾ ਰਾਤ ਨੂੰ ਮਰਾਂ ਨਾ ਦਿਨ ਨੂੰ, ਨਾ ਕਿਸੇ ਪਸ਼ੂ ਕੋਲੋਂ ਮੇਰੀ ਮੌਤ ਹੋਵੇ ਨਾ ਕਿਸੇ ਮਨੁੱਖ ਤੋ…ਆਦਿ।
ਇਹੋ ਜਿਹਾ ਵਰ ਪ੍ਰਾਪਤ ਕਰਨ ਮਗਰੋਂ ਰਾਜੇ ਹਰਨਾਖਸ਼ ਨੂੰ ਹੰਕਾਰ ਹੋ ਗਿਆ। ਮਰਨ ਦਾ ਡਰ ਉਸਨੂੰ ਨਾ ਰਿਹਾ, ਜਿਸ ਕਰਕੇ ਉਹ ਮਨ-ਆਈਆਂ ਕਰਨ ਲਗ ਪਿਆ। ਉਹ ਲੋਕਾਂ ਨੂੰ ਪ੍ਰਭੂ-ਭਗਤੀ ਤੋਂ ਹਟਾ ਕੇ ਆਪਣਾ ਨਾਮ ਜਪਾਉਣ ਲਗ ਪਿਆ।
ਰੱਬ ਦੀ ਕਰਨੀ ਵੇਖੋ। ਹਰਨਾਖਸ਼ ਦੇ ਘਰ ਪ੍ਰਹਿਲਾਦ ਭਗਤ ਪੈਦਾ ਹੋ ਗਿਆ। ਜਦ ਉਹ ਸਕੂਲ ਜਾਣ ਲਗਾ ਤਾਂ ਬਾਕੀ ਵਿਦਿਆਰਥੀਆਂ ਦੀ ਤਰ੍ਹਾਂ ਉਸ ਨੂੰ ਵੀ ਹਰਨਾਖਸ਼ ਦੀ ਉਪਾਸ਼ਨਾ ਕਰਨ ਲਈ ਮਜ਼ਬੂਰ ਕੀਤਾ ਜਾਣ ਲਗਾ। ਪਰ ਪ੍ਰਹਿਲਾਦ ਦੇ ਇਨਕਾਰ ਕਰ ਦਿਤਾ, ਕਿਉਂਕਿ ਉਸ ਨੂੰ ਸਰਬ-ਵਿਆਪਕ ਪ੍ਰਭੂ ਦੀ ਹੋਂਦ ਦਾ ਪਰਤੱਖ ਝਲਕਾਰਾ ਪੈ ਚੁਕਾ ਸੀ। ਉਸ ਦੇ ਦੋਹਾਂ ਅਧਿਆਪਕਾਂ ਸੰਡਾ ਅਤੇ ਅਮਰਕ ਨੇ ਰਾਜੇ ਅਗੇ ਸ਼ਿਕਾਇਤ ਕੀਤੀ ਕਿ ਪ੍ਰਹਿਲਾਦ ਆਖੇ ਨਹੀਂ ਲਗਦਾ। ਉਹ ਜਿਥੇ ਆਪ ਰਾਮ ਦਾ ਨਾਂ ਜਪਦਾ ਹੈ ਉਥੇ ਹੋਰਨਾਂ ਵਿਦਿਆਰਥੀਆਂ ਨੂੰ ਵੀ ਆਪਣੇ ਮਗਰ ਲਾ ਲੈਂਦਾ ਹੈ। ਇਸੇ ਤਰ੍ਹਾਂ ਦੂਜੇ ਵਿਦਿਆਰਥੀਆਂ ਨੂੰ ਵਿਗਾੜ ਰਿਹਾ ਹੈ। ਜਿਵੇਂ ਲਿਖਿਆ ਵੀ ਹੈ:-
ਰਾਮ ਕਹੈ ਕਰ ਤਾਲ ਬਜਾਵੈ,
ਚਟੀਆ ਸਭੇ ਬਿਗਾਰੇ॥
ਰਾਜੇ-ਰਾਣੀ ਤੇ ਹੋਰ ਅਮੀਰ ਵਜ਼ੀਰਾ ਨੇ ਬੜੇ ਯਤਨ ਕੀਤੇ, ਪਰ ਪ੍ਰਹਿਲਾਦ ਆਪਣੇ ਇਰਾਦੇ ਦੇ ਪੱਕਾ ਰਿਹਾ ਤੇ ਕਿਹਾ:-
ਇਕ ਰਾਮ ਨ ਛੋਡਉ ਗੁਰਹਿ ਗਾਰਿ॥
ਮੋ ਕਉ ਘਾਲਿ ਜਾਰ ਭਾਵੈ ਮਾਰ ਡਾਰਿ॥
ਜਦ ਭਗਤ ਜੀ ਕਿਸੇ ਤਰ੍ਹਾਂ ਵੀ ਨਾ ਮੰਨੇ ਤਾਂ ਉਨ੍ਹਾਂ ਨੂੰ ਬਹੁਤ ਦੁਖ ਦਿਤੇ ਗਏ। ਭਾ: ਗੁਰਦਾਸ ਜੀ ਦੇ ਕਥਨ ਅਨੁਸਾਰ :-
ਜਲ ਅਗਨੀ ਵਿਚ ਘਤਿਆ,
ਜਲੇ ਨ ਡੂਬੇ ਗੁਰ ਪ੍ਰਸਾਦਿ॥
ਭਾਵ-ਭਗਤ ਜੀ ਨੂੰ ਪਾਣੀ ਵਿਚ ਡੋਬਿਆ ਗਿਆ, ਅੱਗ ਵਿਚ ਸਾੜਨ ਦਾ ਯਤਨ ਕੀਤਾ ਗਿਆ। ਪਹਾੜ ਤੋਂ ਡੇਗ ਕੇ ਮਾਰ ਦੇਣ ਦਾ ਯਤਨ ਕੀਤਾ ਗਿਆ। ਪਰ ਜਿਸਨੂੰ ਪ੍ਰਭੂ ਆਪ ਰਖਣ ਵਾਲਾ ਹੋਵੇ ਉਸ ਨੂੰ ਕੌਣ ਮਾਰ ਸਕਦਾ ਹੈ?
ਰਾਜਾ ਹਰਨਾਖਸ਼ ਦੀ ਭੈਣ ਦਾ ਨਾਂ ਢੂੰਡਾਂ ਸੀ। ਉਸ ਨੇ ਤਪ ਕਰਕੇ ਸ਼ਿਵ ਤੋਂ ਅੱਗ ਵਿਚ ਨਾ ਸੜਨ ਦਾ ਵਰ ਲਿਆ ਹੋਇਆ ਸੀ। ਉਹ ਆਪਣੇ ਭਰਾ ਦੇ ਕਹਿਣ ਉੇਤੇ ਭਤੀਜੇ ਪ੍ਰਹਿਲਾਦ ਨੂੰ ਸਾੜਨ ਲਈ ਉਸ ਨੂੰ ਲੈ ਕੇ ਅੱਗ ਵਿਚ ਬੈਠ ਗਈ, ਪਰ ਰੱਬ ਦੀ ਕੁਦਰਤ ਵੇਖੋ। ਪ੍ਰਭੂ ਦੀ ਭਗਤੀ ਕਰਨ ਵਾਲਾ ਪ੍ਰਹਿਲਾਦ ਤਾਂ ਬਚ ਗਿਆ, ਪਰ ਸ਼ਿਵ ਦੀ ਭਗਤੀ ਕਰਨ ਵਾਲੀ ਢੁੰਡਾਂ ਸੜ ਮੋਈ।
ਚਾਹੀਦਾ ਤਾਂ ਇਹ ਸੀ ਕਿ ਇਸ ਹੋਲੀ ਵਾਲੇ ਦਿਨ ਇਕ ਪ੍ਰਭੂ ਦੀ ਭਗਤੀ ਦੀ ਮਹਾਨਤਾ ਦਰਸਾਈ ਜਾਂਦੀ ਜਾਂ ਭਗਤ ਪ੍ਰਹਿਲਾਦ ਦੇ ਸਿਦਕ ਤੇ ਭਰੋਸੇ ਦਾ ਪ੍ਰਚਾਰ ਹੁੰਦਾ, ਪਰ ਹੋ ਗਿਆ ਇਸੇ ਉਲਟ। ਲੋਕਾਂ ਨੇ ਪ੍ਰਭੂ ਦੇ ਨਾਮ ਦੇ ਰੰਗ ਤੇ ਉਸਦੀ ਖੁਸ਼ਬੋ ਦੀ ਥਾਂ ਗੰਦ ਘੋਲਣ ਅਤੇ ਗੰਦ ਬਕਣ ਨੂੰ ਹੀ ਹੋਲੀ ਸਮਝ ਲਿਆ।
ਦਰ-ਅਸਲ ਜਦ ਭਾਰਤ ਵਾਸੀਆਂ ਵਿਚ ਗਿਰਾਵਟ ਆ ਗਈ ਤਾਂ ਇਨ੍ਹਾਂ ਦੇ ਤਿਉਹਾਰ ਵੀ ਵਿਗੜ ਗਏ। ਅਤਰ-ਫੁਲੇਲ ਦੀ ਥਾਂ ਚਿਕੜ ਤੇ ਗੰਦ ਨੇ ਲੈ ਲਈ। ਫੁੱਲਾਂ ਦੀ ਵਰਖਾ ਦੀ ਥਾਂ ਮਿੱਟੀ ਤੇ ਗੋਬਰ ਸੁਟਿਆ ਜਾਣ ਲਗ ਪਿਆ। ਕੇਸਰ ਦੇ ਟਿਕਿਆਂ ਦੀ ਥਾਂ ਇਕ ਦੂਜੇ ਦੇ ਮੂੰਹ ਕਾਲੇ ਹੋਣ ਲਗ ਪਏ। ਜਿਥੇ ਅਗੇ ਇਨ੍ਹਾਂ ਦਿਨਾਂ ਵਿਚ ਵਿਛੜੇ ਸਜਨ ਮਿਲਦੇ ਹੁੰਦੇ ਸਨ ਅਤੇ ਵਿਛੜੇ ਹੋਇਆ ਦਾ ਮਿਲਾਪ ਕਰਾਇਆ ਜਾਂਦਾ ਸੀ, ਉਥੇ ਇਨ੍ਹਾਂ ਦਿਨਾਂ ਵਿਚ ਇਕ ਦੂਜੇ ਨਾਲ ਜ਼ਿਆਦਤੀ ਕਰ ਕੇ, ਝਗੜੇ ਖੜੇ ਹੋਣ ਲਗ ਪਏ। ਫਸਾਦ ਤੇ ਨਫ਼ਰਤ ਪੈਦਾ ਹੋਣੀ ਸ਼ੁਰੂ ਹੋ ਗਈ।
ਸਾਡੇ ਗੁਰੂ ਸਾਹਿਬਾਂ ਨੇ ਜਿਥੇ ਸਾਡੇ ਵਹਿਮ-ਭਰਮ, ਪਾਖੰਡ ਤੇ ਅਗਿਆਨਤਾ ਨੂੰ ਦੂਰ ਕਰਨ ਲਈ ਗ਼ਲਤ ਰਸਮਾਂ-ਰਿਵਾਜਾਂ ਵਿਰੁਧ ਪ੍ਰਚਾਰ ਕੀਤਾ ਉਥੇ ਉਨ੍ਹਾਂ ਨੇ ਸਾਨੂੰ ਨਵੇਂ ਤੇ ਠੀਕ ਤਰੀਕੇ ਨਾਲ ਤਿਉਹਾਰ ਮਨਾਉਣ ਦੀ ਜਾਚ ਵੀ ਦੱਸੀ। ਪੰਜਵੇਂ ਗੁਰੂ ਸਾਹਿਬ ਨੇ ਹੋਲੀ ਬਾਰੇ ਲਿਖਿਆ ਹੈ:-
ਹੋਲੀ ਕੀਨੀ ਸੰਤ ਸੇਵ……।
ਭਾਵ-ਅਸਲ ਹੋਲੀ ਤਾਂ ਸੰਤਾਂ ਦੀ ਸੇਵਾ ਕਰਨੀ ਹੈ। ਸੇਵਾ ਲਈ ਜ਼ਰੂਰੀ ਹੈ ਕਿ ਸਰੀਰ ਤਕੜਾ ਤੇ ਨਰੋਆ ਹੋਵੇ। ਤਕੜਾ ਹੋਣ ਲਈ ਜਿੱਥੇ ਕਸਰਤ ਜ਼ਰੂਰੀ ਹੈ ਉਥੇ ਮਾੜੀਆਂ ਗੱਲਾਂ ਦਾ ਤਿਆਗ ਵੀ ਜ਼ਰੂਰੀ ਹੈ।
ਹੋਲੀ ਤੋਂ ਹੋਲਾ ਮਹੱਲਾ-
“ਹੋਲਾ ਮਹੱਲਾ” ਅਰਬੀ ਫ਼ਾਰਸੀ ਦੇ ਲੱਫਜ਼ ਹਨ। ਜਿਨ੍ਹਾਂ ਦਾ ਅਰਥ ਹੈ, “ਹਮਲਾ ਅਤੇ ਹਮਲੇ ਵਾਲੀ ਥਾਂ”।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿਥੇ ਸਾਡੀ ਸ਼ਕਲ-ਸੂਰਤ ਬਦਲੀ, ਸਾਡਾ ਰਹਿਣ-ਸਹਿਣ ਬਦਲਿਆ, ਸਾਡੇ ਸੋਚਣ-ਢੰਗ ਬਦਲੇ, ਉਥੇ ਸਾਡੇ ਤਿਉਹਾਰ ਦੀ ਬਦਲ ਦਿੱਤੇ।
ਹੋਲੀ ਉਤੇ ਸਿਰ ਮੂੰਹ ਕਾਲੇ ਹੋਣ ਦੀ ਥਾਂ ਸਿਰਾਂ ਉਤੇ ਰੰਗ ਬਰੰਗੀਆਂ ਦਸਤਾਰਾਂ ਤੇ ਦੁਮਾਲਿਆਂ ਦੇ ਮੁਕਾਬਲੇ ਹੋਣ ਲਗ ਪਏ। ਇਕ ਦੂਜੇ ਮਗਰ ਦੋੜ ਕੇ ਰੰਗ ਤੇ ਗੋਬਰ ਸੁਟਣ ਦੀ ਜਗ੍ਹਾਂ ਘੋੜ-ਦੌੜਾਂ ਦੇ ਮੁਕਾਬਲੇ ਨੇ ਲੈ ਲਈ, ਨੇਜੇ ਬਾਜ਼ੀ, ਕੁਸ਼ਤੀਆਂ ਤੇ ਖੇਡਾਂ ਨੇ ਲੈ ਲਈ। ਸਰੀਰ ਤਕੜੇ ਹੋਣ ਲਗ ਪਏ। ਹੋਲੀਆਂ ਦੇ ਆਖਰੀ ਦਿਨ “ਹੋਲਾ ਮਹੱਲਾ” ਨਿਕਲਣ ਲਗ ਪਿਆ। ਅਨੰਦਪੁਰ ਦਾ ਕਿਲ੍ਹਾ ‘ਹੋਲ ਗੜ੍ਹ’ ਇਸ ਦਿਨ ਦੀ ਯਾਦ ਹੁਣ ਵੀ ਦਿਵਾਉਂਦਾ ਹੈ ਕਿ ਇਸ ਥਾਂ ਮਹਾਰਾਜ ਨੇ ਪਹਿਲੀ ਵਾਰ ਸੰਮਤ ੧੭੪੭ ਚੇਤ ਵਦੀ ਇਕ ਨੂੰ ਖ਼ਾਲਸੇ ਦਾ ਪਹਿਲਾ ਮਹੱਲਾ ਕੱਢਿਆ ਸੀ।
ਮਹਾਰਾਜ ਖ਼ਾਲਸੇ ਨੂੰ ਸ਼ਸਤਰ ਅਤੇ ਯੁੱਧ ਵਿਚ ਨਿਪੁੰਨ ਕਰਨ ਲਈ ਦੋ ਫ਼ੌਜ਼ਾਂ ਬਣਾ ਕੇ, ਚੰਗੇ ਸਿਆਣੇ ਮੁਖੀ ਸਿੰਘਾਂ ਦੀ ਨਿਗਰਾਨੀ ਹੇਠ ਇਕ ਖ਼ਾਸ ਥਾਂ ਤੇ ਹਮਲਾ ਕਰਾਉਂਦੇ। ਬਨਾਵਟੀ ਲੜਾਈ ਲੜੀ ਜਾਂਦੀ। ਦੋਹਾਂ ਪਾਸਿਆਂ ਦੀਆਂ ਫੌਜਾਂ ਨੂੰ ਸੁਭ ਸਿਖਿਆ ਦੇ ਕੇ ਉਨ੍ਹਾਂ ਦੀ ਹੌਸਲਾ-ਅਫਜ਼ਾਈ ਲਈ ਦੀਵਾਨਾਂ ਵਿਚ ਉਨ੍ਹਾਂ ਨੂੰ ਸਿਰੋਪਾ ਬਖਸ਼ੇ ਜਾਂਦੇ।
ਅਜ ਕਲ ਵੀ ਹੋਲੇ ਵਾਲੇ ਦਿਨ ਪੰਜ ਪਿਆਰੇ ਕਿਲ੍ਹਾ ਅਨੰਦ-ਗੜ੍ਹ ਤੋਂ ਅਰਦਾਸਾ ਕਰ ਕੇ, ਨਿਸ਼ਾਨ ਸਾਹਿਬ ਲੈ ਕੇ ਮਹੱਲੇ (ਜਲੂਸ) ਦੀ ਸ਼ਕਲ ਵਿਚ ਚੜ੍ਹਦੇ ਹਨ। ਉਹਨਾਂ ਨਾਲ ਤਰਨਾ ਦਲ ਤੇ ਬੁਢਾ ਦਲ ਦੇ ਨਿਹੰਗ ਸਿੰਘ ਘੋੜਿਆਂ ਤੇ ਊਠਾਂ ਉਤੇ ਸਵਾਰ, ਨਗਾਰੇ ਵਜਾਂਦੇ, ਜੈਕਾਰੇ ਗਜਾਂਦੇ ਇਕ ਅਨੋਖੇ ਉਤਸ਼ਾਹ ਨਾਲ ਦੌੜਦੇ ਉਛਲਦੇ ਨਿਕਲਦੇ ਹਨ। ਨਗਾਰਿਆਂ ਤੇ ਬੈਂਡ ਵਾਜਿਆਂ ਦੀਆਂ ਭਾਂਤ ਭਾਂਤ ਦੀਆਂ ਸੂਰਾਂ ਤੇ ਅਵਾਜ਼ਾਂ ਸਮੇਤ “ਹੋਲ-ਗੜ੍ਹ’ ਕਿਲ੍ਹੇ ਤੋਂ ਹੁੰਦੇ ‘ਚਰਨ ਗੰਗਾ’ ਦੇ ਰੇਤਲੇ ਮੈਦਾਨ ਵਿਚ ਪੁਜਦੇ ਹਨ। ਉਥੇ ਨੇਜ਼ਾ-ਬਾਜ਼ੀ, ਘੋੜ-ਦੌੜ, ਗਤਕਾ ਤੇ ਹੋਰ ਸ਼ਸਤਰਾਂ ਦੇ ਅਨੇਕ ਕਰਤਬ ਦਿਖਾਏ ਜਾਂਦੇ ਹਨ।
ਸ਼ਾਮ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਪੁਜੇ ਹੋਲੇ ਮਹੱਲੇ ਦੀ ਸਮਾਪਤੀ ਦਾ ਅਰਦਾਸਾ ਹੁੰਦਾ ਹੈ।
ਹੋਲਾ ਮਨਾਉਣ ਵਾਲਿਓ ਗੁਰੂ ਕੇ ਸਿੰਘੋ ! ਸੁਣੋ !
ਮੁਸਲਮਾਨਾਂ ਦੇ ਪੈਗ਼ੰਬਰ ਹਜ਼ਰਤ ਮੁਹੰਮਦ ਸਾਹਿਬ ਦੇ ਸਭ ਤੋਂ ਜ਼ਿਆਦਾ ਪਿਆਰੇ (ਨੇੜੇ ਰਹਿਣ ਵਾਲੇ ਭਗਤ) ਚਾਰ ਸਨ। ਉਨ੍ਹਾਂ ਨੂੰ ਚਾਰ ਸੇਵਕ ਜਾਂ ਚਾਰ ਯਾਰ ਕੇ ਨਾਵਾਂ ਨਾਲ ਯਾਦ ਕੀਤਾ ਜਾਂਦਾ ਹੈ।
ਹਨੂਮਾਨ, ਸ੍ਰੀ ਰਾਮ ਚੰਦਰ ਜੀ ਦੇ ਸਭ ਤੋਂ ਵਧ ਨੇੜਤਾ ਰਖਣ ਵਾਲੇ ਸੇਵਕ (ਭਗਤ) ਸਨ। ਉਨ੍ਹਾਂ ਨੇ ਇਕ ਵਾਰ ਆਪਣੀ ਛਾਤੀ ਚੀਰ ਕੇ ਦਸਿਆ ਸੀ ਕਿ ਕਿਸ ਤਰ੍ਹਾਂ ਉਨ੍ਹਾਂ ਦੇ ਰੋਮ ਰੋਮ ਵਿਚ ‘ਰਾਮ’ ਰਚਿਆ ਹੋਇਆ ਹੈ। ਪਰ ਹਜ਼ਰਤ ਤੇ ਰਾਮ ਦੇ ਸੇਵਕ ਸਾਰੀ ਉਮਰ ਸੇਵਕ ਹੀ ਰਹੇ। ਉਹ ਆਪਣੇ ਅਵਤਾਰ ਜਾਂ ਪੈਗੰਬਰ (ਪ੍ਰਭੂ) ਦੇ ਬਰਾਬਰ ਨਹੀਂ ਹੋ ਸਕੇ।
ਪਰ ਇਧਰ ਦੇਖੋ, ਆਪਣੇ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਲ। ਜਿਨ੍ਹਾਂ ਨੇ ਆਪਣੇ ਸਿਖਾਂ ਨੂੰ ਆਪਣੇ ਵਰਗੀ ਸ਼ਕਲ-ਸੂਰਤ ਦਿਤੀ, ਆਪਣੇ ਵਰਗੇ ਗੁਣ ਆਪਣੇ ਸਿਖਾਂ ਵਿਚ ਭਰੇ, ਆਪਣੇ ਸਾਂਝ ਸਿਖਾਂ ਨਾਲ ਪੱਕੀ ਕਰਨ ਲਈ ਆਪਣੇ ਨਾਂ ਨਾਲ ‘ਸਿੰਘ’ ਲਾਇਆ ਤੇ ਆਪਣੇ ਸਿਖਾਂ ਦੇ ਨਾਵਾਂ ਨਾਲ ਵੀ ‘ਸਿੰਘ’ ਸ਼ਬਦ ਲਾਇਆ। ਆਪ ਗੁਰੂ ਹੁੰਦੇ ਹੋਏ ਸਿਖਾਂ ਨੂੰ (ਪੰਜਾਂ ਪਿਆਰਿਆਂ ਨੂੰ) ਅੰਮ੍ਰਿਤ ਛਕਾ ਕੇ ਫਿਰ ਉਨ੍ਹਾਂ ਨੂੰ ਹੀ ਗੁਰੂ ਦੀ ਕਲਾ ਦੇ ਕੇ ਆਪ ਉਨ੍ਹਾਂ ਕੋਲੋਂ ਸਿਖ ਵਾਂਗ ਅੰਮ੍ਰਿਤ ਛਕਿਆ। ਅਤੇ ਖ਼ਾਲਸੇ ਨੂੰ “ਗੁਰੂ ਖ਼ਾਲਸਾ” ਕਿਹਾ। ਇਸੇ ਕਰਕੇ ਲਿਖਿਆ ਹੋਇਆ ਹੈ:-
ਵਾਹ ਵਾਹ ਗੋਬਿੰਦ ਸਿੰਘ, ਆਪੇ ਗੁਰ ਚੇਲਾ
ਗੁਰੂ ਰੂਪ ਖਾਲਸਾ ਜੀ ! ਅੱਜ ਧਿਆਨ ਮਾਰੋ, ਆਪਣੇ ਆਲੇ-ਦੁਆਲੇ ਦੇਖੋ, ਆਪਣੇ ਘਰਾਂ ਵਿਚ ਵੇਖੋ ਕਿ ਸਾਡੀ ਸ਼ਕਲ-ਸੂਰਤ ਕੀ ਉਹੋ ਜਿਹੀ ਹੈ ਜਿਹੋ ਜਿਹੀ ਗੁਰੂ ਮਾਹਰਾਜ ਨੇ ਸਾਡੀ ਸ਼ਕਲ ਆਪਣੇ ਵਰਗੀ ਬਣਾਈ ਸੀ?
ਕੀ ਸਾਡੀ ਰਹਿਣੀ ਬਹਿਣੀ ਉਸੇ ਤਰ੍ਹਾਂ ਦੀ ਹੈ ਜਿਸ ਤਰ੍ਹਾਂ ਮਹਾਰਾਜ ਨੇ ਸਾਨੂੰ ਰਹਿਣੀ ਬਹਿਣੀ ਦਸੀ ਸੀ?
ਸਾਡੀ ਅੰਦਰਲੀ ਰਹਿਣੀ-ਬਹਿਣੀ (ਰਹਿਤ) ਬਾਰੇ ਤਾਂ ਸਾਨੂੰ ਆਪ ਹੀ ਪਤਾ ਹੈ ਕਿ ਅਸੀਂ ਕਿਤਨੇ ਕੁ ਸਚੇ-ਸੁਚੇ ਹਾਂ, ਕਿੰਨੀ ਕੁ ਨੇਕ ਕਮਾਈ ਕਰਦੇ ਹਾਂ, ਕਿਤਨੀ ਕੁ ਬਾਣੀ ਪੜ੍ਹਦੇ, ਸੁਣਦੇ ਤੇ ਅਮਲ ਕਰਦੇ ਹਾਂ। ਪਰ ਸਾਡੀ ਬਾਹਰਲੀ ਰਹਿਣੀ-ਬਹਿਣੀ (ਰਹਿਤ) ਤਾਂ ਦੁਨੀਆਂ ਦੇਖ ਰਹੀ ਹੈ।
ਲੋਕੀ ਧਿਆਨ ਨਾਲ ਦੇਖ ਰਹੇ ਕਿ ਸਾਡੇ ਵਿਚ ਕਿਤਨੇ ਜਿਆਦਾ ਐਸੇ ਲੋਕ ਪੈਦਾ ਹੋ ਗਏ ਹਨ? ਜੋ ਗੁਰੂ ਦੀ ਦਿਤੀ ਹੋਈ ਸ਼ਕਲ-ਸੂਰਤ ਨੂੰ ਖੁਲ੍ਹਮ-ਖੁਲ੍ਹਾ ਨਾਈਆਂ ਦੀਆ ਦੁਕਾਨਾਂ ਉਤੇ ਬੈਠ ਕੇ ਵਿਗਾੜ ਰਹੇ ਹਨ।
ਕਿਤਨੇ ਹੀ ਐਸੇ ਹਨ ਜੋ ਖੁਲ੍ਹਮ-ਖੁਲ੍ਹਾ ਸਿਗਰਟ, ਬੀੜੀਆਂ, ਜ਼ਰਦੇ-ਤੰਬਾਕੂ, ਸ਼ਰਾਬਾਂ ਆਦਿ ਨਸ਼ੇ ਬਜ਼ਾਰਾ ਵਿਚ ਪੀਂਦੇ ਫਿਰਦੇ ਹਨ? ਇਹੋ ਜਿਹੇ ਲੋਕ ਜਿਥੇ ਆਪਣੀ ਸਿਹਤ ਨੂੰ ਵਿਗਾੜ ਰਹੇ ਹਨ, ਉਥੇ ਸਾਰੀ ਸਿਖ ਕੌਮ ਨੂੰ ਬਦਨਾਮ ਵੀ ਕਰ ਰਹੇ ਹਨ?
ਕੀ ਇਨ੍ਹਾਂ ਨੂੰ ਕੋਈ ਪੁਛਣ ਵਾਲਾ ਨਹੀਂ?
ਕੀ ਇਨ੍ਹਾਂ ਨੂੰ ਕੋਈ ਰੋਕਣ ਵਾਲਾ ਨਹੀਂ?
ਇਹੋ ਜਿਹੇ ਲੋਕ, ਜੋ ਆਪਣੇ ਆਪ ਨੂੰ ਗੁਰੂ ਕੇ ਸਿਖ ਅਖਵਾਉਂਦੇ ਹਨ, ਗੁਰੂ ਦੇ ਪਵਿਤਰ ਅਸਥਾਨਾਂ ਦੀ ਯਾਤਰਾ ਵੀ ਕਰਦੇ ਹਨ, ਦੇਗ਼ ਵੀ ਕਰਾਉਂਦੇ ਹਨ, ਪਰ ਦਸੋ, ਇਨ੍ਹਾਂ ਕਰਮਾਂ ਦਾ ਕੀ ਲਾਭ ਜਦ ਕਿ ਸਤਿਗੁਰੂ ਜੀ ਵਲੋਂ ਬਿਵਰਜਿਤ ਕੁਕਰਮਾਂ ਨੂੰ ਨਹੀਂ ਛਡਦੇ ? ਗੁਰੂ ਸਾਹਿਬ ਨੇ ਸਾਫ਼ ਲਿਖਿਆ ਹੈ :-
ਰਹਿਤ ਪਿਆਰੀ ਮੋਹਿ ਕੋ, ਸਿਖ ਪਿਆਰਾ ਨਾਹਿ॥
ਇਕ ਥਾਂ ਹੋਰ ਲਿਖਿਆ ਹੈ:-
ਰਹਿਣੀ ਰਹੇ ਸੋਈ ਸਿਖ ਮੇਰਾ॥
ਸੋ ਆਓ ! ਇਸ ਹੋਲੇ ਮਹੱਲੇ ਦੇ ਤਿਉਹਾਰ ਉਤੇ ਹੀ ਆਪਣੀਆਂ ਗ਼ਲਤ ਗੱਲਾਂ ਵਿਚੋਂ ਇਕ ਦੋ ਗੱਲਾਂ ਹੀ ਛਡ ਦਈਏ। ਆਪਣੇ ਗੁਰੂ ਦੀ ਬਖ਼ਸ਼ੀ ਹੋਈ ਸਿਖੀ ਨੂੰ ਸਾਬਤ ਕੇਸਾਂ ਦਾਹੜੀਆਂ ਨਾਲ ਤੋੜ ਨਿਭਾਈਏ। ਮਨ੍ਹਾ ਕੀਤੇ ਨਸ਼ਿਆਂ ਦਾ ਤਿਆਗ ਕਰੀਏ। ਬਾਣੀ ਪੜ੍ਹੀਏ-ਸੁਣੀਏ ਅਤੇ ਅਮਲ ਕਰ ਕੇ ਆਪਣਾ ਕੀਮਤੀ ਜਨਮ ਸਫਲਾ ਕਰੀਏ।
(‘ਸੂਰਾ’ ਅਪ੍ਰੈਲ ੧੯੭੫ ਐਡੀਸ਼ਨ ਵਿਚ ਪ੍ਰਕਾਸ਼ਤ)